Punjabi Status App

ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ

ਨਾਮ ਧਿਆ ਦੋ ਜੋੜ ਕੇ(ਕਰ), ਦਾਸ ਨਿਵਾਵੇ ਸੀਸ ।
ਬਹੇ ਸੁਰੱਸਤੀ ਜੀਭ ਤੇ, ਮਾਲਕ ਦੀ ਬਖ਼ਸ਼ੀਸ਼ ।

॥ਮਨੋਹਰ ਭਵਾਨੀ ਛੰਦ॥

ਸੀ ਸੁਰੱਸਤੀ ਦਾ ਜ਼ੋਰ, ਆ ਗਈ ਨਸ਼ੇ ‘ਜ੍ਹਿ ਦੀ ਲੋਰ,
ਸੁਣ ਪਾਉਣਗੇ ਮਨੋਹਰ, ਦਾ ਸਰੋਤੇ ਮੁੱਲ ਜੀ ।
ਖਿੜ ਗਈ ਅਕਲ ਜਿਉਂ ਖਿੜਨ ਫੁੱਲ ਜੀ ।

ਬਰਫ਼ ਸਫ਼ੈਦ ਗਾਲੇ, ਆਬਸ਼ਾਰ, ਨਦੀ, ਨਾਲੇ,
ਗਿਰੇ ਉੱਚੇ ਕੋਹ ਹਿਮਾਲੇ, ਪਰਬਤ ਬੁਲਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਕਸ਼ਮੀਰ ਦੇ ਨਜ਼ਾਰੇ, ਆਉਂਦੇ ਸੁਰਗ ਹੁਲਾਰੇ,
ਸੋਂਹਦੇ ਡੱਲ ਦੇ ਕਿਨਾਰੇ, ਤੇ ਚਨਾਰ ਰੰਗਲੇ ।
ਪਾਣੀ ਵਿਚ ਤਰਦੇ ਫਿਰਨ ਬੰਗਲੇ ।

ਉੱਚੇ ਇੰਡੀਆ ਦੇ ਸ਼ਾਨ, ਸਾਰੇ ਹਰੇ ਭਰੇ ਵਾਹਣ,
ਕਿਤੇ ਚੌੜੇ ਨਾ ਮੈਦਾਨ, ਜ੍ਹਿ ਗੰਗਾ ਤੇ ਸਿੰਧ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਕਦੇ ਲੋਹੇ ਕੱਢ ਲਿਆਉਣੇ, ਢੇਰ ਚਾਂਦੀ ਦੇ ਨਾ ਮਿਉਣੇ,
ਬੜੀ ਭਾਰੀ ਖਾਣ ਸਿਉਨੇ ਦੀ ਮਸੂਰ ਵਿੱਚ ਹੈ ।
ਤੋਪ ਬਣੇ ਉਡਣ-ਖਟੋਲੇ ਟਿੱਚ ਹੈ ।

ਲਿਆ ਕੇ ਕੋਹੇ-ਨੂਰ ਘਰ, ਜੜਿਆ ਹੀਰਾ ਤਾਜ ਪਰ,
ਚਮਕਾਰੇ ਮਾਰੇ ਦਰ, ਜੋਧਨ, ਨਰਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਪੁੱਤ ਸਿਆਣੇ ਨਾ ਲੱਟਰ, ਦਹੀਂ ਭੱਲੇ ਖਾ ਖਟਰ,
ਆਲੂ, ਮਟਰ, ਟਮਾਟਰ, ਤੇ ਫੁੱਲ ਗੋਭੀਆਂ ।
ਮਿਸ਼ਰੀ ਪਾ ਮਖਣੀ ਚਟਾਉਣ ਬੋਬੀਆਂ ।

ਹੇਠ ਨੁਆਰ ਦੇ ਪਲੰਘ, ਦੁੱਧ ਪੁੱਤ ਲੱਗੇ ਰੰਗ,
ਵੱਧ ਨਚਦੇ ਤੁਰੰਗ ਆਪਣੀ ਪਸਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਗਿਆ ਛਿੜਕ ਜਲ ਮਹਿਰਾ, ਛਾਵੇਂ ਕੱਟਦੇ ਦੁਪਹਿਰਾ,
ਏਸ ਜਾਅ ਸੁੱਖਾਂ ਦਾ ਪਹਿਰਾ, ਦੁੱਖ ਖੜੇ ਪਾਸ ਨਾ ।
ਆਉਂਦੀ ਫੁੱਲਵਾੜੀਉਂ ਫੁੱਲਾਂ ਦੀ ਵਾਸ਼ਨਾ ।

ਧੰਨ ਇਹਨਾਂ ਦੇ ਜਰਮ ! ਹੋਵੇ ਦੁਵਾਰਿਆਂ ਤੇ ਧਰਮ,
ਜਾਣਿਆਂ ਅਣਖ ਸ਼ਰਮ, ਨੂੰ ਪਿਆਰਾ ਜਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਕੱਠੇ ਪਤੀ ਜੇਠ ਦਿਉਰ, ਪਾਉਣ ਰੇਸ਼ਮਾਂ ਦੇ ਤਿਉਰ,
ਮਿਉਣ ਡੱਬਿਆਂ ਨ ਜ਼ਿਉਰ, ਭੈਣ ਭਰਜਾਈਆਂ ਦੇ ।
ਡੂੰਮਾਂ ਨੂੰ ਘੜੀਕ, ਮੱਝਾਂ ਮਿਲਣ ਨਾਈਆਂ ਦੇ ।

ਸੋਹਣੀ ਫ਼ਸਲ ਖੜੋਤੀ, ਟੁੱਕੇ ਸਿਉ ਤੇ ਅੰਬ ਤੋਤੀ,
ਚੁਗੇ ਮੁਕਦੇ ਨਾ ਮੋਤੀ, ਹੰਸ ਪ੍ਰਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਭਾਰੇ ਕਣਕਾਂ ਦੇ ਬੋਹਲ, ਤੇ ਕਪਾਹ ਨੂੰ ਲੱਗੇ ਤੋਲ,
ਖੰਡ ਬਣੇ ਰਸ ਡੋਲ੍ਹ, ਲੋਹੇ ਦੇ ਕੜਾਹਿਆਂ ‘ਚੈ ।
ਤਿੰਨ ਮੇਲ, ਲੋਕਾਂ ਨੂੰ ਛਕਾਉਂਦੇ ਸਾਹਿਆਂ ‘ਚੈ ।

ਪਹਿਲਾਂ ਰਾਕਸ਼ਾਂ ਨੇ ਲੁੱਟੇ, ਫੇਰ ਮੁਗ਼ਲਾਂ ਨੇ ਕੁੱਟੇ,
ਅਬ ਮਸਾਂ ਖਹਿੜੇ ਛੁੱਟੇ, ਅੰਗਰੇਜ਼ ਰਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਰਾਮ ਕ੍ਰਿਸ਼ਨ ਔਤਾਰ, ਲਾਹ ਗਏ ਪਾਪੀਆਂ ਦੇ ਭਾਰ,
ਦਾਸ ਦੀ ਨਮਸਕਾਰ, ਉਹਨਾਂ ਦੀ ਜਨਾਬ ਨੂੰ ।
ਦਸਾਂ ਗੁਰੂਆਂ ਨੇ ਤਾਰਤਾ ਪੰਜਾਬ ਨੂੰ ।

‘ਬਾਬੂ’ ਲੈਣ ਮੌਜ ਮੌਜੀ, ਪੀ ਕੇ ਅੰਮ੍ਰਿਤ ਸੌ ਜੀ,
ਬਣੀਂ ਸਿੱਖ ਕੌਮ ਫ਼ੌਜੀ, ਸ੍ਰੀ ਗੁਰੂ ਗੋਬਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।