Punjabi Status App

ਕਿਰਤੀ

ਅੱਜ ਫਿਰ ਜਾ ਰਿਹਾ ਏ ਮੇਰਾ ਸਾਇਕਲ,
ਉਹਨ੍ਹਾਂ ਦੀ ਹਵੇਲੀ ਵੱਲ,
ਨਹੀਂ, ਅੱਜ ਨਹੀਂ, ਪਿਛਲੇ ਵੀਹ ਸਾਲਾਂ ਤੋਂ,
ਤੇ ਜਾਵੇ ਵੀ ਕਿਉਂ ਨਾ?
ਭੈਣ ਦੇ ਵਿਆਹ ਦਾ ਖਰਚਾ,
ਪਿਉ ਦੀ ਬਿਮਾਰੀ ‘ਤੇ ਲੱਗੀ ਰਕਮ,
ਸਭ ਉੱਥੋਂ ਤਾਂ ਆਈ ਸੀ..

ਮੇਰੇ ਜਾਂਦਿਆਂ ,ਜਪਾਨੀ ਘਾਹ ਉੱਤੇ ਬੈਠਾ,
ਉਹਨ੍ਹਾਂ ਦਾ ਕੁੱਤਾ ਬਿਸਕੁੱਟ ਖਾ ਰਿਹਾ ਹੋਵੇਗਾ,
ਤੇ ਮੈਨੂੰ ਘਰੋਂ ਤੁਰਦਿਆਂ, ਗਲੀ ਵਿੱਚ ਸੁਣ ਰਿਹਾ ਸੀ,
ਰੋਟੀ ਪਿੱਛੇ ਲੜਦੇ ਨਿਆਣਿਆਂ ਦਾ ਰੌਲਾ…
ਉਹ ਵਰਜਦੇ ਨੇ ਸ਼ਹਿਜ਼ਾਦਿਆਂ ਨੂੰ, ਨਸ਼ਿਆਂ ਤੋਂ,
ਪਰ ਮੇਰੇ ਕੌਲੇ ਵਿੱਚ ਪਾ ਦਿੰਦੇ ਨੇ,
ਚਾਹ ਵਿੱਚ ਨਸ਼ਾ ਉਬਾਲ ਕੇ,
ਵੱਧ ਕੰਮ ਦੀ ਲਾਲਸਾ ਨਾਲ..

ਉਹਨ੍ਹਾਂ ਦੇ ਸਹਿਜ਼ਾਦੇ ਸ਼ਹਿਰ ਜਾਂਦੇ ਨੇ ਪੜ੍ਹਨ,
ਮੈਨੂੰ ਸਲਾਹ ਦਿੰਦੇ ਨੇ ਜਵਾਕਾਂ ਨੂੰ ਕੰਮ ਤੇ ਲਾਉਣ ਦੀ,
ਤੇ ਮੈਂ ਕੰਬ ਜਾਦਾਂ ਹਾਂ, ਇਹ ਸੋਚਕੇ, ਕਿਤੇ ਮੇਰੇ ਪੁੱਤਰ ਦਾ ਸਾਇਕਲ ਵੀ,
ਉਹਨ੍ਹਾਂ ਦੀ ਹਵੇਲੀ ਵੱਲ ਨਾ ਤੁਰ ਪਏ, ਮੇਰੇ ਵਾਂਗ…

ਉਹ ਕਰਦੇ ਨੇ ਗੱਲਾਂ ਕਾਰਾਂ, ਕੋਠੀਆਂ ਤੇ ਪਲਾਟਾਂ ਦੀਆਂ,
ਤੇ ਮੈਂ ਤੱਕਦਾ ਰਹਿਣਾ ਉਹਨ੍ਹਾਂ ਦੇ ਚੁੱਲ੍ਹੇ ਵੱਲ,
ਜਿੱਥੋਂ ਮੈਨੂੰ ਪੋਣੇ ਵਿੱਚ ਚਾਰ ਰੋਟੀਆਂ ਉੱਤੇ,
ਅੰਬ ਦਾ ਅਚਾਰ ਬੱਝ ਕੇ ਆਉਣ ਦੀ ਆਸ ਹੁੰਦੀ ਏ….

ਫਿਰ ਮੁੜਦਾ ਹੈ ਮੇਰਾ ਸਾਇਕਲ ਆਪਣੇ ਘਰ,
ਕੁਝ ਪਲ ਅਜ਼ਾਦੀ ਦੀ ਆਸ ਲੈਕੇ,
ਪਰ ਇਹਨ੍ਹਾਂ ਪਲਾਂ ਨੂੰ, ਆਉਣ ਵਾਲੇ ਦਿਨ ਦੀ ਗੁਲਾਮੀ ਦਾ ਝੋਰਾ ਲੈ ਡੁੱਬਦਾ ਏ,
ਤੇ ਫਿਰ ਮੈਨੂੰ ‘ਪਾਸ਼’ ਠੀਕ ਲੱਗਦਾ ਏ,
ਕਿ ਹੁਣ ਉੱਡਣਾ ਪੈਣਾ , ਉੱਡਦਿਆਂ ਬਾਜ਼ਾਂ ਮਗਰ,
ਫਿਰ ਮੈਂ ਸੌਦਾ ਹਾਂ ਇਹ ਆਸ ਲੈਕੇ,
ਕਿ ਕਦੇ ਤਾਂ ਮਘੇਗਾ ਕੰਮੀਆਂ ਵਿਹੜੇ,
‘ਸੰਤ ਰਾਮ ਉਦਾਸੀ’ ਦੇ ਸੁਪਨਿਆਂ ਦਾ ਹਸੀਨ ਸੂਰਜ……..
-ਅਮਿ੍ਤਪਾਲ ਸਿੰਘ ਘੁੱਦਾ
+91-9465383711